COVID-19 (ਕੋਵਿਡ-19) ਦੇ ਟੀਕੇ: ਵਿਕਾਸ, ਪ੍ਰਵਾਨਗੀ ਅਤੇ ਸੁਰੱਖਿਆ | COVID-19 vaccines: development, approval and safety

COVID-19 (ਕੋਵਿਡ-19) ਦਾ ਟੀਕਾ ਮੁਫ਼ਤ, ਸਵੈ-ਇੱਛੁਕ ਹੈ ਅਤੇ ਨਿਊ ਜ਼ੀਲੈਂਡ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਹਰੇਕ ਵਿਅਕਤੀ ਲਈ ਉਪਲਬਧ ਹੈ।

ਬੁਕਿੰਗ ਕਰਨ ਲਈ ਬੁੱਕ ਮਾਈ ਵੈਕਸੀਨ (Book My Vaccine) ’ਤੇ ਜਾਓ ਜਾਂ ਕੋਵਿਡ ਵੈਕਸੀਨੇਸ਼ਨ ਹੈਲਥਲਾਈਨ ਨੂੰ ਕਾਲ ਕਰੋ।

COVID-19 (ਕੋਵਿਡ-19) ਟੀਕਿਆਂ ਨੂੰ ਕਿਵੇਂ ਫੌਰੀ ਅਤੇ ਸੁਰੱਖਿਅਤ ਢੰਗ ਨਾਲ ਤਿਆਰ ਗਿਆ ਸੀ।

ਟੀਕਾ ਬਣਾਉਣ ਵਿੱਚ ਵਿਗਿਆਨੀਆਂ ਅਤੇ ਸਰਕਾਰਾਂ ਦਰਮਿਆਨ ਕਦੇ ਵੀ ਇਸ ਪੱਧਰ ਦਾ ਕੌਮਾਂਤਰੀ ਸਹਿਯੋਗ ਨਹੀਂ ਰਿਹਾ ਹੈ। ਇਸ ਨੇ ਦੁਨੀਆਂ ਭਰ ਵਿੱਚ ਟੀਕੇ ਦੇ ਵਿਕਾਸ, ਕਲੀਨਿਕਲ ਟਰਾਇਲਾਂ (ਪਰਖਾਂ) ਅਤੇ ਪ੍ਰਵਾਨਗੀਆਂ ਦੀ ਰਫ਼ਤਾਰ ਵਿੱਚ ਸੁਧਾਰ ਕੀਤਾ ਹੈ।

ਟੀਕਿਆਂ ਨੂੰ ਬਹੁਤ ਛੇਤੀ ਤਿਆਰ ਕੀਤਾ ਗਿਆ ਹੈ ਪਰ ਜ਼ਰੂਰੀ ਪ੍ਰਕਿਰਿਆਵਾਂ ਲਈ ਛੋਟੇ ਰਾਸਤੇ ਅਖ਼ਤਿਆਰ ਕੀਤੇ ਬਗੈਰ ਜਾਂ ਸੁਰੱਖਿਆ ਨਾਲ ਸਮਝੌਤਾ ਕੀਤੇ ਬਗੈਰ ਅਜਿਹਾ ਕੀਤਾ ਗਿਆ ਹੈ।

ਖੋਜਕਰਤਾ ਹੋਰਨਾਂ ਕੋਰੋਨੋਵਾਇਰਸਾਂ ਅਤੇ ਟੀਕੇ ਦੇ ਵਿਕਾਸ ਬਾਰੇ ਆਪਣੀ ਜਾਣਕਾਰੀ ਦੀ ਵਰਤੋਂ ਕਰ ਸਕੇ ਸਨ ਜੋ ਉਨ੍ਹਾਂ ਲਈ ਆਰੰਭਕ ਫਾਇਦਾ ਦੇਣ ਵਾਲੀ ਸੀ।

ਵਿਸ਼ਵ-ਵਿਆਪੀ ਦਿਲਚਸਪੀ ਅਤੇ COVID-19 (ਕੋਵਿਡ-19) ਬਾਰੇ ਚਿੰਤਾ ਕਰਕੇ ਕਲੀਨਿਕਲ ਟਰਾਇਲ ਆਮ ਨਾਲੋਂ ਜ਼ਿਆਦਾ ਤੇਜ਼ੀ ਨਾਲ ਵੱਡੀ ਗਿਣਤੀ ਵਿੱਚ ਸਵੈ-ਸੇਵਕਾਂ ਨੂੰ ਭਰਤੀ ਕਰ ਸਕੇ ਸਨ। ਕੁਝ ਕਲੀਨਿਕਲ ਟਰਾਇਲ ਇੱਕ ਤੋਂ ਬਾਅਦ ਦੂਜੇ ਦੀ ਬਜਾਏ ਇੱਕੋ ਸਮੇਂ ਕਰਵਾਏ ਜਾ ਸਕੇ ਸਨ। ਇਸ ਦਾ ਅਰਥ ਹੈ ਕਿ ਵਿਗਿਆਨੀ ਛੇਤੀ ਇਹ ਨਿਰਧਾਰਨ ਕਰ ਸਕੇ ਸਨ ਕਿ ਕੀ ਟੀਕਾ ਥੋੜ੍ਹੇ ਸਮੇਂ ਦੀ ਮਿਆਦ ਵਿੱਚ ਅਸਰਦਾਰ ਸੀ - ਆਮ ਹਾਲਾਤ ਤਹਿਤ ਇਸ ਲਈ ਬਹੁਤ ਸਾਰੇ ਮਹੀਨੇ ਜਾਂ ਇੱਥੋਂ ਤੱਕ ਕਿ ਸਾਲ ਲੱਗ ਸਕਦੇ ਹਨ।

ਵੱਡੇ ਉਤਪਾਦਨ ਪਲਾਂਟ ਬਣਾਏ ਗਏ, ਤਾਂ ਕਿ ਜੋ ਪਹਿਲਾਂ ਸੰਭਵ ਸੀ ਉਸ ਦੇ ਮੁਕਾਬਲੇ ਟੀਕਿਆਂ ਨੂੰ ਜ਼ਿਆਦਾ ਤੇਜ਼ੀ ਨਾਲ ਅਤੇ ਵੱਡੇ ਪੈਮਾਨੇ ਉੱਤੇ ਤਿਆਰ ਕੀਤਾ ਜਾ ਸਕੇ।

ਨਿਊ ਜ਼ੀਲੈਂਡ ਵਿੱਚ ਟੀਕੇ ਦਾ ਮੁਲਾਂਕਣ ਅਤੇ ਪ੍ਰਵਾਨਗੀ

ਮੈਡਸੇਫ ਨਿਊ ਜ਼ੀਲੈਂਡ ਵਿੱਚ ਦਵਾਈਆਂ ਦੀ ਸੁਰੱਖਿਆ ਲਈ ਅਥਾਰਟੀ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਟੀਕਿਆਂ ਸਮੇਤ ਸਾਰੀਆਂ ਨਵੀਆਂ ਦਵਾਈਆਂ ਲਈ ਅਰਜ਼ੀਆਂ ਦਾ ਮੁਲਾਂਕਣ ਕਰਦੀ ਹੈ ਕਿ ਉਹ ਕੌਮਾਂਤਰੀ ਮਿਆਰਾਂ ਅਤੇ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਣ।

ਮੈਡਸੇਫ ਆਓਟੀਆਰੋਆ ਵਿੱਚ ਟੀਕੇ ਦੀ ਵਰਤੋਂ ਲਈ ਸਿਰਫ ਤਾਂ ਹੀ ਸਹਿਮਤੀ ਦਿੰਦੀ ਹੈ, ਜਦੋਂ ਉਹ ਇਸ ਗੱਲੋਂ ਸੰਤੁਸ਼ਟ ਹੁੰਦੀ ਹੈ ਕਿ ਇਸ ਨੇ ਸੁਰੱਖਿਆ, ਪ੍ਰਭਾਵਕਤਾ ਅਤੇ ਗੁਣਵੱਤਾ ਲਈ ਸਖ਼ਤ ਮਿਆਰਾਂ ਨੂੰ ਪੂਰਾ ਕਰ ਲਿਆ ਹੈ।ਇਹ ਹੋਰਨਾਂ ਦਵਾਈਆਂ, ਜਿਵੇਂ ਕਿ ਫਲੂ ਦਾ ਟੀਕਾ, ਦਾ ਮੁਲਾਂਕਣ ਕਰਨ ਲਈ ਵਰਤੀ ਜਾਂਦੀ ਇੱਕੋ ਜਿਹੀ ਪ੍ਰਕਿਰਿਆ ਹੈ।

ਪ੍ਰਵਾਨਗੀ ਲੈਣ ਲਈ ਕੋਈ ਛੋਟੇ ਰਾਸਤੇ ਅਖ਼ਤਿਆਰ ਨਹੀਂ ਕੀਤੇ ਗਏ ਹਨ।

ਫ਼ਾਇਜ਼ਰ ਦੇ ਟੀਕੇ ਨੂੰ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਵੱਲੋਂ ਸਫ਼ਲਤਾਪੂਰਵਕ ਵਰਤਿਆ ਗਿਆ ਹੈ।ਸੁਰੱਖਿਆ ਲਈ ਇਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਫ਼ਾਇਜ਼ਰ ਟੀਕੇ ਦੇ ਟਰਾਇਲਾਂ ਨੇ ਕਿਵੇਂ ਕੰਮ ਕੀਤਾ ਸੀ

ਕਲੀਨਿਕਲ ਟਰਾਇਲਾਂ (ਪਰਖਾਂ) ਵਿੱਚ ਇਹ ਪਤਾ ਲੱਗਿਆ ਹੈ ਕਿ ਟੀਕਾ ਹਰ ਤਰ੍ਹਾਂ ਦੀ ਉਮਰ, ਲਿੰਗ, ਨਸਲ, ਨਸਲੀ-ਸਾਂਝ ਅਤੇ ਬੁਨਿਆਦੀ ਡਾਕਟਰੀ ਸਿਹਤ-ਸਮੱਸਿਆਵਾਂ ਵਾਲੇ ਲੋਕਾਂ ਲਈ ਅਸਰਦਾਰ ਹੈ।

ਅਧਿਐਨਾਂ ਨੇ ਇਹ ਦਿਖਾਇਆ ਹੈ ਕਿ 95% ਵਿਅਕਤੀਆਂ, ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ, ਦੀ COVID-19 (ਕੋਵਿਡ-19) ਦੇ ਲੱਛਣ ਹੋਣ ਤੋਂ ਸੁਰੱਖਿਆ ਕੀਤੀ ਜਾਂਦੀ ਹੈ। ਜਦੋਂ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਹੋ ਜਾਂਦਾ ਹੈ, ਤਾਂ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਸਮੁੱਚੇ ਕਲੀਨਿਕਲ ਟਰਾਇਲਾਂ ਵਿੱਚ, ਲਗਭਗ 44,000 ਸਹਿਭਾਗੀਆਂ ’ਤੇ ਫ਼ਾਇਜ਼ਰ ਦੇ ਟੀਕੇ ਬਾਰੇ ਅਧਿਐਨ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਅੱਧਿਆਂ ਨੇ ਟੀਕਾ ਲਗਵਾਇਆ ਸੀ ਅਤੇ ਅੱਧਿਆਂ ਨੇ ਸੈਲਾਈਨ ਪਲੈਸੀਬੋ (ਕਿਰਿਆਹੀਣ ਦਵਾਈ)। ਸਹਿਭਾਗੀਆਂ ਵਿੱਚ ਵੱਖ-ਵੱਖ ਨਸਲੀ-ਸਾਂਝ, ਉਮਰ, ਲਿੰਗ, ਅਤੇ ਬੁਨਿਆਦੀ ਡਾਕਟਰੀ ਸਿਹਤ-ਸਮੱਸਿਆਵਾਂ ਵਾਲੇ ਲੋਕ ਸ਼ਾਮਲ ਸਨ।

ਫ਼ਾਇਜ਼ਰ ਟੀਕਾ ਜਾਂਚ ਦੇ 3 ਪੜਾਆਂ ਵਿੱਚੋਂ ਲੰਘਿਆ ਸੀ:

  • ਪੜਾਅ 1 ਅਤੇ 2 ਨੇ ਥੋੜ੍ਹੀ ਗਿਣਤੀ ਵਿੱਚ ਵਿਅਕਤੀਆਂ ਵਿੱਚ ਟੀਕੇ ਦੀਆਂ ਵੱਖ-ਵੱਖ ਖੁਰਾਕਾਂ ਦੇ ਪੱਧਰਾਂ ਦੀ ਸੁਰੱਖਿਆ ਅਤੇ ਇਮਿਊਨੋਜੈਨੀਸਿਟੀ (ਹਰੇਕ ਖੁਰਾਕ ਤੋਂ ਬਾਅਦ ਰੋਗ-ਪ੍ਰਤੀਰੋਧਕ ਪ੍ਰਣਾਲੀ ਦੀ ਪ੍ਰਤੀਕਿਰਿਆ) ਦਾ ਮੁਲਾਂਕਣ ਕੀਤਾ।
  • ਪੜਾਅ 2 ਅਤੇ 3 ਨੇ ਵੱਡੀ ਜਨਸੰਖਿਆ ਵਿੱਚ ਚੁਣੇ ਗਏ ਪੱਧਰ ਦੀਆਂ 2 ਖੁਰਾਕਾਂ, ਜਿਨ੍ਹਾਂ ਨੂੰ 21 ਦਿਨਾਂ ਦੇ ਅੰਤਰ ਨਾਲ ਦਿੱਤਾ ਗਿਆ, ਤੋਂ ਬਾਅਦ ਲੱਛਣ ਵਾਲੇ COVID-19 (ਕੋਵਿਡ-19) ਵਿਰੁੱਧ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਕਤਾ ਦਾ ਮੁਲਾਂਕਣ ਕੀਤਾ।

ਟੀਕੇ ਦੀ ਲੰਬੇ ਸਮੇਂ ਦੀ ਪ੍ਰਭਾਵਤਾ ਅਤੇ ਸੁਰੱਖਿਆ ਨੂੰ ਸਮਝਣ ਲਈ, ਫ਼ਾਇਜ਼ਰ ਟੀਕੇ ਦੀ ਦੂਜੀ ਖੁਰਾਕ ਤੋਂ ਬਾਅਦ ਕਲੀਨਿਕਲ ਟਰਾਇਲਾਂ ਦੇ ਸਹਿਭਾਗੀਆਂ ਉੱਤੇ ਹੋਰ 2 ਸਾਲਾਂ ਲਈ ਨਜ਼ਰ ਰੱਖੀ ਜਾ ਰਹੀ ਹੈ।